ਮੋਗਾ( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )
ਮੱਛੀ ਪਾਲਣ ਵਿਭਾਗ ਦੀਆਂ ਗਤੀਵਿਧੀਆਂ ਅਤੇ ਸਕੀਮਾਂ ਦਾ ਜਿਆਦਾ ਤੋਂ ਜਿਆਦ ਪ੍ਰਚਾਰ ਕਰਨ ਦੀ ਲੋੜ ਹੈ ਤਾਂ ਜੋ ਕਿਸਾਨਾਂ ਨੂੰ ਇਨ੍ਹਾਂ ਸਕੀਮਾਂ ਦਾ ਪੂਰਨ ਤੌਰ ਤੇ ਲਾਭ ਮਿਲ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਮੱਛੀ ਪਾਲਣ ਵਿਭਾਗ, ਮੋਗਾ ਦੇ ਜਿਲ੍ਹਾ ਪੱਧਰੀ ਐਕਸ਼ਨ ਪਲਾਨ ਨੂੰ ਰੀਵਿਊ ਕਰਨ ਲਈ ਰੱਖੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਨ ਮੌਕੇ ਕੀਤਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਇੱਕ ਅਹਿਮ ਯੋਜਨਾ ਹੈ ਜਿਸਦੀ ਜਾਗਰੂਕਤਾ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਹੋਣੀ ਲਾਜਮੀ ਹੈ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਤੇ ਹੋਰ ਅਧਿਕਾਰੀ ਵੀ ਹਾਜਰ ਸਨ।
ਸਹਾਇਕ ਡਾਇਰੈਕਟਰ ਮੱਛੀ ਪਾਲਣ, ਮੋਗਾ ਸ੍ਰੀਮਤੀ ਰਸ਼ੂ ਮਹਿੰਦੀਰੱਤਾ ਵੱਲੋਂ ਮੀਟਿੰਗ ਵਿੱਚ ਮੱਛੀ ਪਾਲਣ ਵਿਭਾਗ ਅਧੀਨ ਚੱਲ ਰਹੀਆਂ ਗਤੀਵਿਧੀਆਂ ਬਾਰੇ ਅਤੇ ਮੀਟਿੰਗ ਦੇ ਏਜ਼ੰਡੇ ਬਾਰੇ ਹਾਊਸ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ। ਜਿਸ ਵਿੱਚ ਸਾਲ 2024-25 ਦੌਰਾਨ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਦੇ ਮਨਜੂਰ ਹੋਏ ਐਕਸ਼ਨ ਪਲਾਨ ਦੀ ਸਮੀਖਿਆ ਕੀਤੀ ਗਈ। ਇਸ ਤੋਂ ਬਾਅਦ ਵਿੱਤੀ ਸਾਲ 2025-26 ਦਾ ਐਕਸ਼ਨ ਪਲਾਨ ਲਾਗੂ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਮੱਛੀ ਪਾਲਣ ਅਧੀਨ ਨਵਾਂ ਰਕਬਾ ਲਿਆਉਣ, ਮੱਛੀ ਦੀ ਢੋਆ-ਢੁਆਈ ਲਈ ਮੋਟਰਸਾਈਕਲ ਵਿਦ ਆਇਸਬਾਕਸ ਅਤੇ ਇੱਕ ਇਨਸੁਲੈਟਿੰਡ ਵੈਨ ਵੂਮੈਨ ਕੈਟਾਗਿਰੀ ਅਧੀਨ ਦੇਣ ਲਈ ਕੁੱਲ 79.50 ਲੱਖ ਦਾ ਐਕਸ਼ਨ ਪਲਾਨ ਪੇਸ਼ ਕੀਤਾ ਗਿਆ। ਵਿਭਾਗੀ ਅਫਸਰਾਂ ਵੱਲੋਂ ਦੱਸਿਆ ਗਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਜਿਲ੍ਹੇ ਵਿੱਚ ਮੱਛੀ ਪਾਲਣ ਦਾ ਵਿਕਾਸ, ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਸਾਧਨ ਵਿਕਸਿਤ ਕਰਨਾ, ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਹੈ। ਇਨ੍ਹਾ ਸਕੀਮਾਂ ਉੱਤੇ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਅਧੀਨ ਜਾਰੀ ਹਦਾਇਤਾਂ ਅਨੁਸਾਰ ਜਨਰਲ ਕੈਟਾਗਿਰੀ ਦੇ ਲਾਭਪਾਤਰੀਆਂ ਨੂੰ ਯੂਨਿਟ ਕਾਸਟ ਦੀ 40 ਪ੍ਰਤੀਸ਼ਤ ਅਤੇ ਐਸ.ਸੀ/ਐਸ.ਟੀ/ਔਰਤਾਂ ਨੂੰ ਯੂਨਿਟ ਕਾਸਟ ਦੀ 60 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ। ਵਿਚਾਰ ਚਰਚਾ ਕਰਨ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਇਹ ਐਕਸ਼ਨ ਪਲਾਨ ਪ੍ਰਵਾਨ ਕੀਤਾ ਗਿਆ।
ਮੱਛੀ ਪਾਲਣ ਅਫ਼ਸਰ ਬਲਜੋਤ ਸਿੰਘ ਮਾਨ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਚਲਾਈ ਜਾ ਰਹੀ ਪੀ.ਐਮ.ਐਮ.ਐਸ.ਵਾਈ. ਸਕੀਮ ਦਾ ਕੋਈ ਵੀ ਜਿਲ੍ਹਾ ਨਿਵਾਸੀ ਲਾਭ ਲੈ ਸਕਦਾ ਹੈ । ਇਸ ਲਈ ਵਿਭਾਗ ਵੱਲੋਂ 21 ਜੁਲਾਈ ਤੋਂ 25 ਜੁਲਾਈ 2025 ਤੱਕ ਦਫਤਰ ਸਹਾਇਕ ਡਾਇਰੈਕਟਰ ਮੱਛੀ ਪਾਲਣ, ਮੋਗਾ ਦੇ ਕਮਰਾ ਨੰ 321, ਸਤਲੁਜ ਬਲਾਕ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 5 ਦਿਨਾਂ ਮੁਫਤ ਸਿਖਲਾਈ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਕੋਈ ਵੀ 18 ਸਾਲ ਤੋਂ ਵੱਧ ਉਮਰ ਦਾ ਚਾਹਵਾਨ ਵਿਅਕਤੀ ਭਾਗ ਲੈ ਸਕਦਾ ਹੈ। ਟ੍ਰੇਨਿੰਗ ਦੇ ਚਾਹਵਾਨ ਵਿਅਕਤੀ ਆਪਣੇ ਨਾਲ 2 ਪਾਸਪੋਰਟ ਸਾਈਜ ਫੋਟੋ, ਅਧਾਰ ਕਾਰਡ ਦੀ ਕਾਪੀ ਅਤੇ ਬੈਂਕ ਪਾਸਬੁਕ ਦੀ ਕਾਪੀ ਲੈ ਕੇ ਰਜਿਸਟ੍ਰੈਸ਼ਨ ਕਰਵਾ ਸਕਦੇ ਹਨ ।
Leave a Reply